ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਦੀ ਹਵਾਲਗੀ ਨਾਲ ਸਬੰਧਤ ਸੁਣਵਾਈ ਨੂੰ ਇੰਗਲੈਂਡ ਦੀ ਅਦਾਲਤ ਨੇ ਫ਼ਰਵਰੀ 2020 ਤੱਕ ਲਈ ਟਾਲ਼ ਦਿੱਤਾ ਹੈ। ਅਮਰੀਕਾ ਦੀ ਅਰਜ਼ੀ ਉੱਤੇ ਹੋ ਰਹੀ ਸੁਣਵਾਈ ਵਿੱਚ ਸ਼ੁੱਕਰਵਾਰ ਨੂੰ ਅਸਾਂਜੇ ਦੀ ਲੰਦਨ ਜੇਲ੍ਹ ਤੋਂ ਵਿਡੀਓ ਲਿੰਕ ਰਾਹੀਂ ਪੇਸ਼ੀ ਹੋਈ।
ਅਮਰੀਕਾ ਨੇ ਅਸਾਂਜੇ ਉੱਤੇ ਕੰਪਿਊਟਰ ਹੈਕ ਕਰ ਕੇ ਗੁਪਤ ਦਸਤਾਵੇਜ਼ ਚੋਰੀ ਕਰ ਕੇ ਉਨ੍ਹਾਂ ਨੂੰ ਜੱਗ ਜ਼ਾਹਿਰ ਕਰਨ ਦਾ ਦੋਸ਼ ਲਾਇਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇੰਝ ਉਸ ਦੇ ਰਾਸ਼ਟਰੀ ਹਿਤਾਂ ਨੂੰ ਸੱਟ ਲੱਗੀ ਹੈ।
ਵੈਸਟਮਿੰਸਟਰ ਅਦਾਲਤ ਵਿੱਚ ਹੋਈ ਸੁਣਵਾਈ ਵਿੱਚ ਚੀਫ਼ ਮੈਜਿਸਟ੍ਰੇਟ ਐਮਾ ਆਰਬਥਨਾੱਟ ਨੇ ਹੁਕਮ ਦਿੱਤਾ ਕਿ ਅਸਾਂਜੇ ਦੀ ਹਵਾਲਗੀ ਨਾਲ ਸਬੰਧਤ ਸੁਣਵਾਈ 25 ਫ਼ਰਵਰੀ, 2020 ਨੂੰ ਸ਼ੁਰੂ ਹੋਵੇਗੀ ਤੇ ਉਸ ਨੂੰ ਪੰਜ ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਅਦਾਲਤ ਦੇ ਹੁਕਮ ਨਾਲ ਅਸਾਂਜੇ ਨੂੰ ਅਮਰੀਕਾ ਹਵਾਲੇ ਕਰਨ ਦਾ ਮਾਮਲਾ ਟਲ਼ ਗਿਆ ਹੈ।
ਇੰਗਲੈਂਡ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਬੁੱਧਵਾਰ ਨੂੰ ਅਸਾਂਜੇ ਦੀ ਹਵਾਲਗੀ ਦੇ ਹੁਕਮ ਉੱਤੇ ਹਸਤਾਖਰ ਕਰ ਕੇ ਇਸ ਸੰਭਾਵਨਾ ਨੂੰ ਹਵਾ ਦੇ ਦਿੱਤੀ ਸੀ ਕਿ ਸ਼ੁੱਕਰਵਾਰ ਦੀ ਸੁਣਵਾਈ ਵਿੱਚ ਜੇ ਅਦਾਲਤ ਨੇ ਹਵਾਲਗੀ ਦਾ ਹੁਕਮ ਦਿੱਤਾ, ਤਾਂ ਅਸਾਂਜੇ ਨੂੰ ਅਪੀਲ ਦਾ ਸਮਾਂ ਨਾ ਦਿੰਦਿਆਂ ਉਸ ਨੂੰ ਅਮਰੀਕੀ ਅਧਿਕਾਰੀਆਂ ਹਵਾਲੇ ਕਰ ਦਿੱਤਾ ਜਾਵੇਗਾ।
ਲੰਦਨ ਦੀ ਜੇਲ੍ਹ ਤੋਂ ਵਿਡੀਓ ਲਿੰਕ ਰਾਹੀਂ ਪੇਸ਼ ਹੋਏ ਅਸਾਂਜੇ ਨੇ ਅਮਰੀਕਾ ਦੇ ਦੋਸ਼ਾਂ ਨੂੰ ਬਿਲਕੁਲ ਗ਼ਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਕੀਲੀਕਸ ਨੇ ਕਿਸੇ ਕੰਪਿਊਟਰ ਜਾਂ ਵੈਬਸਾਈਟ ਨੂੰ ਹੈਕ ਨਹੀਂ ਕੀਤਾ। ਉਹ ਸਿਰਫ਼ ਪ੍ਰਕਾਸ਼ਕ ਹਨ ਤੇ ਆਪਣਾ ਕੰਮ ਕਰਦਿਆਂ ਜਾਣਕਾਰੀਆਂ ਜੱਗ–ਜ਼ਾਹਿਰ ਕਰਦੇ ਹਨ।