ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ‘ਸਿੱਖਸ ਫ਼ਾਰ ਜਸਟਿਸ’ (SFJ) ਜਿਹੀਆਂ ਤਾਕਤਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇ ਸਕਦੇ। ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਭਾਰਤ ’ਚ ਸ਼ਾਂਤੀ, ਆਪਸੀ ਭਾਈਚਾਰੇ, ਇੱਕਸੁਰਤਾ ਤੇ ਸਥਿਰਤਾ ਨੂੰ ਨੁਕਸਾਨ ਪਹੁੰਚਾਉਣ ਦੇ ਜਤਨ ਕਰਦੀਆਂ ਰਹਿੰਦੀਆਂ ਹਨ।
ਬਰਮਿੰਘਮ ’ਚ ਪੰਜਾਬੀਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਦੂਰੀਆਂ ਬਹੁਤ ਹੋ ਚੁੱਕੀਆਂ ਹਨ ਤੇ ਹੁਣ ਸ਼ਾਂਤੀ ਕਾਇਮ ਕਰਨ ਤੇ ਦੋਸਤੀ ਵਧਾਉਣ ਦਾ ਵੇਲਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਦੋਵੇਂ ਦੇਸ਼ਾਂ ਭਾਰਤ ਤੇ ਪਾਕਿਸਤਾਨ ਨੂੰ ਵਿਕਾਸ ਤੇ ਪ੍ਰਗਤੀ ਵੱਲ ਇਕੱਠਿਆਂ ਅੱਗੇ ਵਧਣਾ ਚਾਹੀਦਾ ਹੈ।
ਇੱਥੇ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ‘ਸਿੱਖਸ ਫ਼ਾਰ ਜਸਟਿਸ’ ਪ੍ਰਤੀ ਸਖ਼ਤ ਰਵੱਈਆ ਅਪਣਾ ਚੁੱਕੇ ਹਨ। ਅਮਰੀਕਾ ਦੇ ਮਹਾਂਨਗਰ ਨਿਊ ਯਾਰਕ ਸਥਿਤ ਇਸ ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਹਨ।
‘ਸਿੱਖਸ ਫ਼ਾਰ ਜਸਟਿਸ’ ਅਗਲੇ ਵਰ੍ਹੇ ‘ਰਾਇਸ਼ੁਮਾਰੀ 2020’ ਦੇ ਨਾਂਅ ਉੱਤੇ ਕਾਫ਼ੀ ਪ੍ਰਚਾਰ ਕਰ ਰਹੀ ਹੈ। ਉਹ ਦਾਅਵਾ ਕਰ ਰਹੀ ਹੈ ਕਿ ਸਾਰੇ ਸਿੱਖਾਂ ਤੋਂ ਰਾਇਸ਼ੁਮਾਰੀ (ਵੋਟਿੰਗ) ਕਰਵਾਈ ਜਾਵੇਗੀ ਕਿ ਉਨ੍ਹਾਂ ਨੂੰ ਵੱਖਰੇ ਖ਼ਾਲਿਸਤਾਨੀ ਰਾਜ ਦੀ ਜ਼ਰੂਰਤ ਹੈ ਕਿ ਨਹੀਂ।
ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਇਸ ਦਾ ਜ਼ੋਰਦਾਰ ਵਿਰੋਧ ਕਰ ਰਹੀ ਹੈ। ‘ਸਿੱਖਸ ਫ਼ਾਰ ਜਸਟਿਸ’ ਦੀ ਐਪ ਵੀ ਪੰਜਾਬ ਸਰਕਾਰ ਨੇ ਹੀ ਗੂਗਲ ਐਪ ਪਲੇਅ–ਸਟੋਰ ਤੋਂ ਹਟਵਾਈ ਹੈ।
ਗੁਰਪਤਵੰਤ ਸਿੰਘ ਪਨੂੰ ਵੱਲੋਂ ਕਿਉਂਕਿ ਲਗਾਤਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ‘ਸਿੱਖਸ ਫ਼ਾਰ ਜਸਟਿਸ’ ਦੇ ਹਮਾਇਤੀ ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨੀ ਤੇ ਪਾਕਿਸਤਾਨ ਜਿਹੇ ਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਹਨ। ਇਸੇ ਲਈ ਹੁਣ ਇੰਗਲੈਂਡ ’ਚ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਬਿਆਨ ਦਿੱਤਾ ਹੈ।